ਸਾਰੇ ਸਬੂਤਾਂ ਦੇ ਹੁੰਦਿਆਂ ਵੀ ਮੁਸਲਮਾਨ ਆਜ਼ਾਦੀ ਘੁਲਾਟੀਆਂ ਨੂੰ ਉਨਾ ਉਭਾਰਕੇ ਪੇਸ਼ ਨਹੀਂ ਕੀਤਾ ਗਿਆ ਜਿੰਨਾ ਕਰਨਾ ਚਾਹੀਦਾ ਸੀ। ਇਸ ਤੋਂ ਜ਼ਾਹਰ ਹੈ ਕਿ ਸਮੇਂ ਦੇ ਹਿੰਦੂ ਗਰਮ ਖ਼ਿਆਲੀਆਂ ਦੇ ਮਨਾ ਵਿਚ ਅਫ਼ਸੋਸਨਾਕ ਰੂਪ ਤੱਕ ਬਹੁਤ ਹੀ ਤਅੱਸੁਬ ਭਰਿਆ ਹੋਇਆ ਹੈ, ਕਿਉਂ ਜੋ ਉਹ ਸੋਚਦੇ ਹਨ ਕਿ ਸਿਰਫ਼ ਹਿੰਦੂਆਂ ਨੇ ਹੀ ਮਹਾਤਮਾ ਗਾਂਧੀ ਦੀ ਅਗਵਾਈ ਅਧੀਨ ਆਜ਼ਾਦੀ ਦੀ ਲੜਾਈ ਲੜੀ ਜਾ ਫਿਰ ਕੁੱਛ ਇਤਿਹਾਸਕਾਰਾਂ ਨੇ ਉਹਨਾਂ ਮੁਸਲਮਾਨ ਅਜ਼ਾਦੀ ਘੁਲਾਟੀਆਂ ਨੂੰ ਸਿੱਖ ਜਾ ਹਿੰਦੂ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ।" ਭਾਰਤ ਦੀਆਂ ਭਾਸ਼ਾਵਾਂ ਵਿਚ ਅਨੇਕਾਂ ਕਿਤਾਬਾਂ ਮਿਲਦੀਆਂ ਹਨ ਜਿਨ੍ਹਾਂ ਵਿਚ ਮੁਸਲਮਾਨ ਆਜ਼ਾਦੀ ਘੁਲਾਟੀਆਂ ਦੀਆਂ ਆਜ਼ਾਦੀ ਲਈ ਕੀਤੀਆਂ ਘਾਲਨਾਵਾਂ ਦਾ ਜ਼ਿਕਰ ਮਿਲਦਾ ਹੈ। ਖ਼ਾਸ ਤੌਰ ਤੇ ਉਰਦੂ ਅਤੇ ਹਿੰਦੀ ਵਿਚ ਤਾਂ ਅਜਿਹੀਆਂ ਸੈਂਕੜੇ ਕਿਤਾਬਾਂ ਲਿਖੀਆਂ ਗਈਆਂ ਹਨ ਇਨ੍ਹਾਂ ਨੂੰ ਦੇਖਕੇ ਇਕ ਸੁਹਿਰਦ ਪਾਠਕ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਕਿ ਪੰਜਾਬੀ ਅਤੇ ਪੰਜਾਬ ਵਿਚ ਅਜਿਹਾ ਕਿਉਂ ਨਹੀਂ ਹੈ। ਸਗੋਂ ਇਸ ਦੇ ਉਲਟ ਇਥੋਂ ਦੇ ਇਤਿਹਾਸਕਾਰਾਂ ਦੀਆਂ ਲਿਖਤਾਂ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਨ੍ਹਾਂ ਵੱਲੋਂ ਸਿਰਤੋੜ ਕੋਸ਼ਿਸ਼ ਕੀਤੀ ਗਈ ਹੋਵੇ ਕਿ ਮੁਸਲਮਾਨ ਆਜ਼ਾਦੀ ਘੁਲਾਟੀਆਂ ਦਾ ਜ਼ਿਕਰ ਨਾ ਕੀਤਾ ਜਾਵੇ ਜਾਂ ਉੱਥੇ ਹੀ ਕੀਤਾ ਜਾਵੇ ਜਿੱਥੇ ਕੋਈ ਮਜਬੂਰੀ ਹੋਵੇ। ਨੂਰ ਮੁਹੰਮਦ ਨੂਰ ਨੇ ਇਸ ਕਿਤਾਬ ਵਿੱਚ 1857 ਤੋਂ ਲੈਕੇ 1947 ਸਮੇਂ ਤੱਕ ਦੇ ਉਹਨਾਂ ਸਾਰੇ ਸਾਂਝੇ ਪੰਜਾਬ ਦੇ ਗੁਮਨਾਮ ਮੁਸਲਮਾਨ ਅਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆ ਵਾਰੇ ਹਵਾਲਿਆਂ ਸਮੇਤ ਵੇਰਵੇ ਦਿੱਤੇ ਗਏ ਹਨ ਜਿਨ੍ਹਾਂ ਅੰਗਰੇਜ਼ ਸਰਕਾਰ ਦੇ ਖਿਲਾਫ ਬਗਾਵਤ ਕੀਤੀ।