"ਜਦ ਘੁਮੱਕੜੀ ਸੁਭਾਅ ਬਣ ਜਾਵੇ ਤਾਂ ਸਾਡਾ ਜੱਦੀ-ਪੁਸ਼ਤੀ ਘਰ ਸਭ ਤੋਂ ਓਪਰੀ ਜਗ੍ਹਾ ਬਣ ਜਾਂਦਾ ਹੈ, ਸੀਮੇਂਟ ਤੇ ਇੱਟਾਂ ਦਾ ਬਣਿਆ ਘਰ ਘੁਮੱਕੜ ਲਈ ਪਿੰਜਰਾ ਹੈ। ਘੁਮੱਕੜ ਬੰਦਾ ਆਪਣਾ ਘਰ ਆਪਣੇ ਮੋਢਿਆਂ 'ਤੇ ਟੰਗ ਕੇ ਰੱਖਦਾ ਹੈ। ਘੁਮੱਕੜ ਇੱਕ ਸਫ਼ਰ ਮੁਕਾਉਂਦਾ ਹੈ ਅਤੇ ਦੂਜਾ ਸ਼ੁਰੂ ਹੋ ਜਾਂਦਾ ਹੈ। ਮਨੁੱਖ ਦੇ ਵਿਕਾਸ ਵਿੱਚ ਘੁਮੱਕੜੀ ਦਾ ਸਭ ਤੋਂ ਵੱਡਾ ਯੋਗਦਾਨ ਹੈ। ਕਦੇ ਪੇਟ ਭਰਨ ਲਈ, ਕਦੇ ਛੱਤ ਲੱਭਣ ਲਈ, ਕਦੇ ਜਾਨ ਬਚਾਉਣ ਲਈ ਅਤੇ ਕਦੇ ਜਾਨ ਲੈਣ ਲਈ ਮਨੁੱਖ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੁਰਦਾ-ਤੁਰਦਾ ਧਰਤੀ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਗਿਆ। ਘੁਮੰਤਰੂ ਮਨ ਦੀ ਕੋਈ ਮਿੱਥੀ ਮੰਜ਼ਲ ਨਹੀਂ ਹੁੰਦੀ ਉਸ ਦਾ ਸਫ਼ਰ ਹੀ ਉਸਦੀ ਮੰਜਲ ਹੁੰਦਾ ਹੈ।"