ਰਾਮਾਨੰਦ ਸਾਗਰ ਦਾ ਸਭ ਤੋਂ ਵੱਡਾ ਕਮਾਲ ਇਹ ਹੈ ਕਿ ਉਸ ਨੇ ਆਪਣੀਆਂ ਅੱਖਾਂ ਨਾਲ ਇਨਸਾਨ ਅਤੇ ਇਨਸਾਨੀਅਤ ਨੂੰ ਮਰਦਿਆਂ ਵੇਖਿਆ। ਪਰ ਖੁਦ ਸਾਗਰ ਦੀ ਇਨਸਾਨੀਅਤ ਖ਼ਤਮ ਨਹੀਂ ਹੋਈ। ਇਹ ਇਨਸਾਨੀਅਤ, ਇਹ ਇਨਸਾਨ ਦੋਸਤੀ ਤੁਹਾਨੂੰ ਇਸ ਨਾਵਲ ਦੇ ਹਰ ਅਧਿਆਇ, ਹਰ ਸਫ਼ੇ, ਹਰ ਸਤਰ ਵਿਚ ਨਜ਼ਰ ਆਵੇਗੀ। ਉਨ੍ਹਾਂ ਪਾਤਰਾਂ ਵਿਚ ਵੇਖਣ ਨੂੰ ਮਿਲੇਗੀ ਜੋ ਕਾਲਪਨਿਕ ਹੋਣ ਦੇ ਬਾਵਜੂਦ ਵੀ ਯਥਾਰਥਿਕ ਹਨ, ਜੋ ਨਾਵਲ ਵਿਚ ਮਰ ਜਾਣ ਦੇ ਬਾਵਜੂਦ ਵੀ ਜਿਉਂਦੇ ਹਨ।
ਕਿਤਾਬ ‘ਤੇ ਇਨਸਾਨ ਮਰ ਗਿਆ ਵਿੱਚੋਂ’
ਦੂਰ ਕਿਧਰੇ ਨਾਅਰਿਆਂ ਦੀਆਂ ਆਵਾਜ਼ਾਂ ਆਉਂਦੀਆਂ : ‘ਅੱਲਾਹ ਹੂ ਅਕਬਰ’, 'ਹਰ ਹਰ ਮਹਾਂਦੇਵ' । ਅੱਲਾਹ ਅਤੇ ਮਹਾਂਦੇਵ ਭਾਵੇਂ ਦੋਵੇਂ ਹੀ ਰੱਬ ਦੇ ਨਾਂ ਹਨ, ਦੋਵੇਂ ਪਵਿੱਤਰ ਸ਼ਬਦ ਹਨ। ਪਰ ਉਨ੍ਹਾਂ ਦਿਨਾਂ ਵਿਚ ਅੱਲਾਹ ਅਤੇ ਮਹਾਂਦੇਵ ਦੇ ਇਨ੍ਹਾਂ ਨਾਅਰਿਆਂ ਨੂੰ ਸੁਣ ਕੇ ਲੋਕ ਇੰਝ ਕੰਬ ਉਠਦੇ ਸਨ, ਜਿਵੇਂ ਉਨ੍ਹਾਂ ਨੇ ਰੱਬ ਦਾ ਨਾਂ ਨਹੀਂ, ਕਿਸੇ ਭੂਤ ਪ੍ਰੇਤ ਦਾ ਨਾਂ ਸੁਣ ਲਿਆ ਹੋਵੇ।
'ਲੋਕਾਂ ਨੂੰ ਇਹ ਫ਼ਿਕਰ ਹੈ ਕਿ ਹਿੰਦੂ ਮਰ ਰਿਹਾ ਹੈ ਜਾਂ ਮੁਸਲਮਾਨ ਮਰ ਰਿਹਾ ਹੈ। ਪਰ ਮੈਨੂੰ ਤਾਂ ਇਹ ਫ਼ਿਕਰ ਹੈ ਕਿ ਹਿੰਦੋਸਤਾਨ ਮਰ ਰਿਹਾ ਹੈ। ਇਨਸਾਨੀਅਤ ਮਰ ਰਹੀ ਹੈ। ਸ਼ਰਾਫ਼ਤ ਦਾ ਜਜ਼ਬਾ ਮਰ ਰਿਹਾ ਹੈ, ਜੋ ਹਜ਼ਾਰਾਂ ਸਾਲਾਂ ਦੀ ਮਿਹਨਤ ਤੋਂ ਬਾਅਦ ਮਨੁੱਖ ਅੰਦਰ ਪੈਦਾ ਹੋਇਆ ਸੀ। ਮੈਨੂੰ ਹਿੰਦੂਆਂ ਤੇ ਮੁਸਲਮਾਨਾਂ ਦੇ ਮਰਨ ਦੀ ਭੋਰਾ ਵੀ ਚਿੰਤਾ ਨਹੀਂ। ਇਹ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਜੰਮਦੇ ਤੇ ਮਰਦੇ ਹਨ। ਬਲਕਿ ਮਰਨ ਲਈ ਹੀ ਪੈਦਾ ਹੁੰਦੇ ਹਨ। ਇਸ ਲਈ ਹਿੰਦੂਆਂ ਨੂੰ ਮਾਰਨ ਲਈ ਮੁਸਲਮਾਨਾਂ ਨੂੰ ਅਤੇ ਮੁਸਲਮਾਨਾਂ ਨੂੰ ਮਾਰਨ ਲਈ ਹਿੰਦੂਆਂ ਨੂੰ ਕਿਸੇ ਕਿਸਮ ਦੀ ਤਕਲੀਫ਼ ਕਰਨ ਦੀ ਲੋੜ ਨਹੀਂ। ਅਸਲ ਵਿਚ ਜਿਸ ਗੱਲ 'ਤੇ ਰੋਣ ਆਉਂਦਾ ਹੈ, ਉਹ ਹਿੰਦੂਆਂ ਤੇ ਮੁਸਲਮਾਨਾਂ ਦੇ ਨਿੱਜੀ ਜੀਵਨ ਚੋਂ ਇਕ ਵੱਡੀ ਚੀਜ਼ ਦਾ ਖ਼ਤਮ ਹੋਣਾ ਹੈ, ਤੇ ਉਹ ਵੱਡੀ ਚੀਜ਼ ਹੈ : ਇਨਸਾਨੀਅਤ...।”