ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਅਰਥਾਤ ਪੰਜਾਬ ਦਾ ਸ਼ੇਰ ਕਿਹਾ ਗਿਆ ਹੈ। ਕਾਰਨ ਇਹ ਨਹੀਂ ਕਿ ਉਹਨਾਂ ਨੇ ਬਚਪਨ ਵਿੱਚ ਗੁਜਰਾਂਵਾਲੇ ਦੇ ਜੰਗਲ ਵਿੱਚ ਇੱਕ ਸ਼ੇਰ ਮਾਰ ਲਿਆ ਸੀ ਜਿਸ ਕਰਕੇ ਉਸ ਥਾਂ ਦਾ ਨਾਂ ਅੱਜ ਤੀਕ ਸ਼ੇਰਾਂਵਾਲਾ ਬਾਗ਼ ਹੈ, ਸਗੋਂ ਰਣਜੀਤ ਸਿੰਘ ਸਾਰੇ ਪੰਜਾਬ ਦੇ ਇੱਕ ਸ਼ੇਰ ਦਿਲ ਯੋਧੇ ਤੇ ਸਰਬ ਸਾਂਝੇ ਮਹਾਰਾਜੇ ਸਨ। ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਕਹਿਣਾ ਵੀ ਗ਼ਲਤ ਹੋਵੇਗਾ, ਕਿਉਂਕਿ ਉਹਨਾਂ ਦਾ ਰਾਜ ਪੰਜਾਬ ਦਿਆਂ ਸ਼ਹਿਰਾਂ ਤੇ ਪਿੰਡਾਂ 'ਤੇ ਨਹੀਂ ਸਗੋਂ ਲੋਕਾਂ ਦਿਆਂ ਦਿਲਾਂ ਤੇ ਸੀ। ਇਸੇ ਲਈ ਉਹਨਾਂ ਨੂੰ ਪੰਜਾਬੀ ਲੋਕਾਂ ਦਾ ਮਹਾਰਾਜਾ ਕਹਿਣਾ ਵਧੇਰੇ ਠੀਕ ਹੋਵੇਗਾ। ਪੰਜਾਬੀ ਤੇ ਪੰਜਾਬੀਅਤ ਉਹਨਾਂ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਹਨਾਂ ਦੀ ਬਹਾਦਰੀ ਤੇ ਖੁਲ੍ਹ-ਦਿਲੀ ਕਾਰਨ ਕਈ ਇਤਿਹਾਸਕਾਰਾਂ ਨੇ ਉਹਨਾਂ ਨੂੰ ਏਸ਼ੀਆ ਦਾ ਨੈਪੋਲੀਅਨ, ਬਿਸਮਾਰਕ, ਕਰਾਮਵੈੱਲ ਤੇ ਮੁਹੰਮਦ ਅਲੀ ਆਖਿਆ ਹੈ।